Follow us on

ਅਕਾਲੀ ਦਲ ਲਈ ਵੱਕਾਰ ਦਾ ਸੁਆਲ ਬਣੀ ਫ਼ਰੀਦਕੋਟ ਸੀਟ


ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੇ ਸਾਂਝੇ ਉਮੀਦਵਾਰ ਗੁਲਜ਼ਾਰ ਸਿੰਘ ਰਣੀਕੇ ਟਿਕਟ ਮਿਲਣ ਤੋਂ ਬਾਅਦ ਅੱਜ ਪਹਿਲੀ ਵਾਰ ਫ਼ਰੀਦਕੋਟ ਪੁੱਜੇ ਜਿੱਥੇ ਉਨ੍ਹਾਂ ਦਾ ਅਕਾਲੀ-ਭਾਜਪਾ ਵਰਕਰਾਂ ਤੇ ਆਗੂਆਂ ਵੱਲੋਂ ਭਰਵਾਂ ਸੁਆਗਤ ਕੀਤਾ ਗਿਆ।
ਗੁਲਜ਼ਾਰ ਸਿੰਘ ਰਣੀਕੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਹਨ ਅਤੇ ਉਨ੍ਹਾਂ ਆਪਣਾ ਸਿਆਸੀ ਜੀਵਨ 1983 ਵਿੱਚ ਪਿੰਡ ਰਣੀਕੇ ਦੀ ਸਰਪੰਚੀ ਤੋਂ ਸ਼ੁਰੂ ਕੀਤਾ ਸੀ। ਮਾਝੇ ਦੇ ਇਸ ਦਲਿਤ ਆਗੂ ’ਤੇ ਅਕਾਲੀ ਦਲ ਦੇ ਵੱਕਾਰ ਨੂੰ ਬਚਾਉਣ ਲਈ ਫਰੀਦਕੋਟ ਸੀਟ ਜਿੱਤਣੀ ਕਾਫ਼ੀ ਅਹਿਮ ਹੈ। ਬੇਅਦਬੀ ਕਾਂਡ ਤੋਂ ਬਾਅਦ ਹਾਸ਼ੀਏ ’ਤੇ ਗਏ ਅਕਾਲੀ ਦਲ ਨੇ ਫਰੀਦਕੋਟ ਦੀ ਸੀਟ ਹਰ ਹਾਲਤ ਜਿੱਤਣ ਦਾ ਟੀਚਾ ਮਿੱਥਿਆ ਹੈ ਪਰ ਗੁਲਜ਼ਾਰ ਸਿੰਘ ਰਣੀਕੇ ਬਾਹਰਲਾ ਉਮੀਦਵਾਰ ਹੋਣ ਦੇ ਨਾਲ-ਨਾਲ ਉਸ ਦੇ ਸਿਆਸੀ ਜੀਵਨ ਨਾਲ ਹੋਰ ਵੀ ਕਈ ਵਿਵਾਦ ਜੁੜੇ ਹੋਏ ਹਨ, ਜਿਸ ਕਰਕੇ ਫਰੀਦਕੋਟ ਦੀ ਸੀਟ ਜਿੱਤਣਾ ਉਨ੍ਹਾਂ ਲਈ ਵੱਡੀ ਚੁਣੌਤੀ ਹੋਵੇਗੀ। ਅੱਜ ਉਨ੍ਹਾਂ ਦੀ ਫਰੀਦਕੋਟ ਫੇਰੀ ਸਮੇਂ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਤੋਤਾ ਸਿੰਘ, ਸਿਕੰਦਰ ਸਿੰਘ ਮਲੂਕਾ, ਯੂਥ ਭਲਾਈ ਬੋਰਡ ਦੇ ਸਾਬਕਾ ਚੇਅਰਮੈਨ ਪਰਮਬੰਸ ਸਿੰਘ ਬੰਟੀ ਰੋਮਾਣਾ, ਗਿੱਦੜਬਾਹਾ ਦੇ ਅਕਾਲੀ ਆਗੂ ਹਰਦੀਪ ਸਿੰਘ ਡਿੰਪੀ ਢਿੱਲੋਂ ਸਮੇਤ ਦੋ ਦਰਜਨ ਅਕਾਲੀ ਆਗੂ ਹਾਜ਼ਰ ਸਨ। ਟਿੱਲਾ ਬਾਬਾ ਫਰੀਦ ’ਚ ਨਤਮਸਤਕ ਹੋਣ ਤੋਂ ਬਾਅਦ ਬੰਟੀ ਰੋਮਾਣਾ ਦੇ ਘਰ ਹੋਏ ਸਮਾਗਮ ਨੂੰ ਸੰਬੋਧਨ ਕਰਦਿਆਂ ਸਾਰੇ ਅਕਾਲੀ ਆਗੂਆਂ ਨੇ ਦਾਅਵਾ ਕੀਤਾ ਕਿ ਫਰੀਦਕੋਟ ਦੀ ਸੀਟ ਉਹ ਸ਼ਾਨ ਨਾਲ ਜਿੱਤਣਗੇ। ਜ਼ਿਕਰਯੋਗ ਹੈ ਗੁਲਜ਼ਾਰ ਸਿੰਘ ਰਣੀਕੇ ਖ਼ਿਲਾਫ਼ 2011 ਵਿੱਚ ਸਰਕਾਰੀ ਫੰਡਾਂ ਦੀ ਦੁਰਵਰਤੋਂ ਕਰਨ ਦੇ ਦੋਸ਼ ਲੱਗੇ ਸਨ ਜਿਸ ਕਰਕੇ ਉਨ੍ਹਾਂ ਨੂੰ ਬਾਦਲ ਸਰਕਾਰ ਦੀ ਵਜ਼ਾਰਤ ’ਚੋਂ ਅਸਤੀਫ਼ਾ ਵੀ ਦੇਣਾ ਪਿਆ ਸੀ। 1 ਕਰੋੜ 15 ਲੱਖ ਰੁਪਏ ਦੇ ਘੁਟਾਲੇ ਵਿੱਚ ਗੁਲਜ਼ਾਰ ਸਿੰਘ ਰਣੀਕੇ ਦੀ ਪੀਏ ਸਰਬਦਿਆਲ ਸਿੰਘ ਨੂੰ ਕੈਦ ਵੀ ਹੋ ਚੁੱਕੀ ਹੈ।
ਇਸ ਮੌਕੇ ਸਾਬਕਾ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ, ਮੱਖਣ ਸਿੰਘ, ਸੁਰਜੀਤ ਸਿੰਘ ਸ਼ਤਾਬ, ਸਤੀਸ਼ ਗਰੋਵਰ, ਗੁਰਕੰਵਲ ਸਿੰਘ ਸੰਧੂ ਅਤੇ ਜਗਸੀਰ ਸਿੰਘ ਭੁੱਲਰ ਹਾਜ਼ਰ ਸਨ।

ਅਕਾਲੀ ਦਲ ਸਾਰੀਆਂ 13 ਸੀਟਾਂ ’ਤੇ ਜਿੱਤੇਗਾ: ਰਣੀਕੇ

ਕੋਟਕਪੂਰਾ (ਭਾਰਤ ਭੂਸ਼ਨ ਸ਼ਰਮਾ): ਫਰੀਦਕੋਟ ਤੋਂ ਅਕਾਲੀ ਦਲ-ਭਾਜਪਾ ਦੇ ਸਾਂਝੇ ਉਮੀਦਵਾਰ ਗੁਲਜ਼ਾਰ ਸਿੰਘ ਰਣੀਕੇ ਨੇ ਅੱਜ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਦੀ ਰਿਹਾਇਸ਼ ’ਤੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਪਾਰਟੀ ਵਰਕਰਾਂ ਨੂੰ ਗਿਲੇ ਭੁਲਾ ਕੇ ਪਾਰਟੀ ਦੀ ਜਿੱਤ ਲਈ ਸਰਗਰਮ ਹੋ ਜਾਣਾ ਚਾਹੀਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ’ਤੇ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਸਾਂਝੇ ਉਮੀਦਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੀ ਅਗਵਾਈ ਹੇਠ ਸ਼ਾਨਦਾਰ ਜਿੱਤ ਹਾਸਲ ਕਰਨਗੇ। ਉਨ੍ਹਾਂ ਆਖਿਆ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੂਰਅੰਦੇਸ਼ੀ ਇਨਸਾਨ ਹਨ। ਉਨ੍ਹਾਂ ਦੀ ਛਤਰ ਛਾਇਆ ਹੇਠ ਅਕਾਲੀ ਦਲ ਚੋਣਾਂ ’ਚ ਵਿਰੋਧੀਆਂ ਦੇ ਹੌਸਲੇ ਢਾਹੇਗਾ। ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਨੇ ਕਿਹਾ ਕਿ ਅਕਾਲੀ ਦਲ ਚੋਣਾਂ ’ਚ ਜਿੱਤ ਲਈ ਦਿਨ ਰਾਤ ਇੱਕ ਕਰ ਦੇਵੇਗਾ।

Hot News

Contact Us

Copyright ©2019. Website Powered By NetMatic Technologies All Rights Reserved.