Follow us on

ਲੋਕ ਸਭਾ ਚੋਣਾਂ: ਪਹਿਲੇ ਪੜਾਅ ਦੌਰਾਨ ਬਿਹਾਰ ਦੀਆਂ 4 ਸੀਟਾਂ ਤੇ ਸਿਰਫ 50% ਵੋਟਿੰਗ

ਲੋਕ ਸਭਾ ਚੋਣ ਦੇ ਅੱਜ ਪਹਿਲੇ ਪੜਾਅ ‘ਚ 91 ਲੋਕ ਸਭਾ ਸੀਟਾਂ ‘ਤੇ ਵੋਟਿੰਗ ਪ੍ਰੀਕਿਰਿਆ ਪੂਰੀ ਹੋ ਚੁੱਕੀ ਹੈ।ਇਸ ਸਬੰਧੀ ਚੋਣ ਕਮਿਸ਼ਨ ਨੇ ਪ੍ਰੈੱਸ ਕਾਨਫ਼ਰੰਸ ਕਰਕੇ ਦੱਸਿਆ ਹੈ ਕਿ ਪਹਿਲੇ ਪੜਾਅ ਦੀ ਵੋਟਿੰਗ ਸ਼ਾਂਤੀਪੂਰਨ ਢੰਗ ਨਾਲ ਮੁਕੰਮਲ ਹੋ ਗਈ ਹੈ।ਇਸ ਦੌਰਾਨ 20 ਸੂਬਿਆਂ ਦੀਆਂ 91 ਲੋਕ ਸਭਾ ਸੀਟਾਂ ‘ਤੇ ਕੁੱਲ 1279 ਉਮੀਦਵਾਰਾਂ ਦੀ ਕਿਸਮਤ ਈਵੀਐਮ ‘ਚ ਕੈਦ ਹੋ ਗਈ ਹੈ।ਜਿਨ੍ਹਾਂ ‘ਚੋਂ 1190 ਮਰਦ ਅਤੇ 89 ਮਹਿਲਾ ਉਮੀਦਵਾਰ ਸ਼ਾਮਿਲ ਹਨ।ਇਸ ਦੇ ਨਾਲ ਹੀ 559 ਆਜ਼ਾਦ ਉਮੀਦਵਾਰ ਵੀ ਚੋਣ ਮੈਦਾਨ ਵਿੱਚ ਨਿਤਰੇ ਸਨ। ਇਸੇ ਦੌਰਾਨ ਪੱਛਮੀ ਬੰਗਾਲ ਦੀਆਂ ਦੋ ਸੀਟਾਂ ਕੂਚ ਬਿਹਾਰ ਅਤੇ ਅਲੀਪੁਰਦੁਆਰ ’ਚ ਸਭ ਤੋਂ ਵੱਧ 81 ਫ਼ੀਸਦੀ ਵੋਟਾਂ ਪਈਆਂ ਜਦਕਿ ਸਭ ਤੋਂ ਘੱਟ ਬਿਹਾਰ ਦੀਆਂ ਚਾਰ ਸੀਟਾਂ ਲਈ 50 ਫ਼ੀਸਦੀ ਪੋਲਿੰਗ ਹੋਈ।
ਆਂਧਰਾ ਪ੍ਰਦੇਸ਼ ਵਿਚ ਸਾਰੀਆਂ ਲੋਕ ਸਭਾ (25) ਅਤੇ ਵਿਧਾਨ ਸਭਾ (175) ਸੀਟਾਂ ’ਤੇ 73 ਫ਼ੀਸਦ ਮਤਦਾਨ ਹੋਇਆ ਹੈ। ਪੱਛਮੀ ਉੱਤਰ ਪ੍ਰਦੇਸ਼ ਦੀਆਂ 8 ਸੀਟਾਂ ’ਤੇ ਕਰੀਬ 64 ਫ਼ੀਸਦੀ ਵੋਟਰਾਂ ਨੇ ਆਪਣੇ ਹੱਕ ਦੀ ਵਰਤੋਂ ਕੀਤੀ। ਯੂਪੀ ’ਚ ਸਭ ਤੋਂ ਵੱਧ 70.68 ਫ਼ੀਸਦੀ ਮਤਦਾਨ ਸਹਾਰਨਪੁਰ ’ਚ ਹੋਇਆ। ਮੁਜ਼ੱਫਰਨਗਰ ’ਚ 66.66 ਫ਼ੀਸਦੀ, ਬਿਜਨੌਰ ’ਚ 65.40, ਬਾਗਪਤ ’ਚ 63.9, ਮੇਰਠ ’ਚ 63, ਕੈਰਾਨਾ ’ਚ 62.10 ਅਤੇ ਗੌਤਮਬੁੱਧ ਨਗਰ ’ਚ 60.1 ਫ਼ੀਸਦੀ ਮਤਦਾਨ ਹੋਇਆ। ਉੱਤਰਾਖੰਡ ’ਚ ਲੋਕ ਸਭਾ ਦੀਆਂ ਪੰਜ ਸੀਟਾਂ ’ਤੇ ਕਰੀਬ 58 ਫ਼ੀਸਦੀ ਵੋਟਾਂ ਪਈਆਂ। ਸਾਲ 2014 ਦੇ ਮੁਕਾਬਲੇ ਇਸ ਵਾਰ ਮਤਦਾਨ ’ਚ ਚਾਰ ਫ਼ੀਸਦੀ ਤੋਂ ਵੱਧ ਦੀ ਗਿਰਾਵਟ ਦਰਜ ਕੀਤੀ ਗਈ ਹੈ। ਸਭ ਤੋਂ ਵੱਧ ਵੋਟਾਂ ਹਰਿਦੁਆਰ ’ਚ 66.24 ਅਤੇ ਨੈਨੀਤਾਲ ’ਚ 66.39 ਫ਼ੀਸਦੀ ਪਈਆਂ। ਸਭ ਤੋਂ ਘੱਟ ਵੋਟਿੰਗ ਅਲਮੋੜਾ ’ਚ ਹੋਈ ਜਿਥੇ ਸਿਰਫ਼ 48.78 ਫ਼ੀਸਦੀ ਵੋਟਰਾਂ ਨੇ ਆਪਣੇ ਅਧਿਕਾਰ ਦੀ ਵਰਤੋਂ ਕੀਤੀ। ਪਿਛਲੀਆਂ ਲੋਕ ਸਭਾ ਚੋਣਾਂ ’ਚ ਭਾਜਪਾ ਦੇ ਖਾਤੇ ’ਚ ਸੂਬੇ ਦੀਆਂ ਸਾਰੀਆਂ ਪੰਜ ਸੀਟਾਂ ਗਈਆਂ ਸਨ। ਉਧਰ ਜੰਮੂ ਕਸ਼ਮੀਰ ਦੀਆਂ ਦੋ ਸੀਟਾਂ ਜੰਮੂ ਅਤੇ ਬਾਰਾਮੂਲਾ ’ਚ 54।49 ਫ਼ੀਸਦੀ ਵੋਟਿੰਗ ਹੋਈ ਹੈ ਜੋ 2014 ’ਚ 57.19 ਫ਼ੀਸਦੀ ਸੀ। ਜੰਮੂ ’ਚ ਸਭ ਤੋਂ ਵੱਧ 72.16 ਫ਼ੀਸਦੀ ਪੋਲਿੰਗ ਹੋਈ ਜਦਕਿ ਬਾਰਾਮੂਲਾ ’ਚ 34.61 ਫ਼ੀਸਦੀ ਵੋਟਾਂ ਪਈਆਂ। ਬਾਰਾਮੂਲਾ ਹਲਕੇ ਦੇ ਕੁਪਵਾੜਾ ਜ਼ਿਲ੍ਹੇ ’ਚ ਸਭ ਤੋਂ ਵੱਧ 47.7 ਫ਼ੀਸਦੀ ਵੋਟਿੰਗ ਹੋਈ। ਇਸੇ ਤਰ੍ਹਾਂ ਛੱਤੀਸਗੜ੍ਹ ਦੀ ਬਸਤਰ ਸੀਟ ’ਤੇ ਕਰੀਬ 57 ਫ਼ੀਸਦ ਵੋਟਰਾਂ ਨੇ ਆਪਣੇ ਵੋਟ ਹੱਕ ਦਾ ਇਸਤੇਮਾਲ ਕੀਤਾ। ਨਾਰਾਇਣਪੁਰ ਜ਼ਿਲ੍ਹੇ ਦੇ ਹਰਿਮਰਕਾ ਪਿੰਡ ਦੇ ਵਾਸੀਆਂ ਨੇ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਵੋਟ ਪਾਈ। ਇਸ ਸੰਸਦੀ ਸੀਟ ਦੇ ਘੇਰੇ ਵਿਚ ਵਿਧਾਨ ਸਭਾ ਖੇਤਰ ਕੋਂਟਾ, ਦਾਂਤੇਵਾੜਾ, ਬੀਜਾਪੁਰ ਤੇ ਨਾਰਾਇਣਪੁਰ ਵਿਚ ਸਵੇਰੇ ਸੱਤ ਵਜੇ ਤੋਂ ਦੁਪਹਿਰੇ ਤਿੰਨ ਵਜੇ ਤੱਕ ਵੋਟਾਂ ਪਈਆਂ। ਛੱਤੀਸਗੜ੍ਹ ਦੀਆਂ 11 ਲੋਕ ਸਭਾ ਸੀਟਾਂ ਲਈ ਤਿੰਨ ਗੇੜਾਂ ਵਿਚ ਵੋਟਾਂ ਪੈਣਗੀਆਂ। ਮੇਘਾਲਿਆ ਵਿਚ ਪੰਜ ਵਜੇ ਤੱਕ 62 ਫ਼ੀਸਦ ਤੇ ਤਿਲੰਗਾਨਾ ਵਿਚ 61 ਫ਼ੀਸਦ ਮਤਦਾਨ ਦੀ ਸੂਚਨਾ ਹੈ। ਮਹਾਰਾਸ਼ਟਰ ਦੀਆਂ ਸੱਤ ਸੀਟਾਂ ’ਤੇ ਕਰੀਬ 55.78 ਫ਼ੀਸਦ ਵੋਟਾਂ ਪਈਆਂ ਹਨ। ਰਾਜ ਵਿਚ ਸਭ ਤੋਂ ਘੱਟ ਨਾਗਪੁਰ ਸੀਟ ’ਤੇ 41.24 ਫ਼ੀਸਦ ਤੇ ਸਭ ਤੋਂ ਵੱਧ ਗੜ੍ਹਚਿਰੌਲੀ ਚਿਮੂਰ ਸੀਟ ’ਤੇ 57 ਫ਼ੀਸਦ ਵੋਟਾਂ ਪਈਆਂ ਹਨ। ਨਾਗਪੁਰ ਸੀਟ ਤੋਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਚੋਣ ਲੜ ਰਹੇ ਹਨ। ਅਰੁਣਾਚਲ ਪ੍ਰਦੇਸ਼ ਵਿਚ ਵਿਧਾਨ ਸਭਾ ਦੀਆਂ ਸਾਰੀਆਂ ਅਤੇ ਲੋਕ ਸਭਾ ਦੀਆਂ ਦੋ ਸੀਟਾਂ ਲਈ 66 ਫ਼ੀਸਦ, ਮਿਜ਼ੋਰਮ ਵਿਚ 55।20 ਫ਼ੀਸਦ ਤੇ ਅਸਾਮ ਵਿਚ 59.5 ਫ਼ੀਸਦ ਲੋਕਾਂ ਨੇ ਵੋਟਾਂ ਪਾਈਆਂ ਹਨ। ਤ੍ਰਿਪੁਰਾ ’ਚ 81 ਫ਼ੀਸਦ, ਮਨੀਪੁਰ ’ਚ 75 ਫ਼ੀਸਦ ਅਤੇ ਨਾਗਾਲੈਂਡ ’ਚ 78.76 ਫ਼ੀਸਦ ਵੋਟਿੰਗ ਹੋਈ ਹੈ। ਉੜੀਸਾ ਦੀਆਂ 28 ਵਿਧਾਨ ਸਭਾ ਸੀਟਾਂ ਅਤੇ ਲੋਕ ਸਭਾ ਦੀਆਂ ਚਾਰ ਸੀਟਾਂ ਲਈ 66 ਫ਼ੀਸਦ ਮਤਦਾਨ ਹੋਇਆ।

Hot News

Contact Us

Copyright ©2019. Website Powered By NetMatic Technologies All Rights Reserved.