Follow us on

ਮਜੀਠੀਆ ਦੇ ਸਿਆਸੀ ਸਲਾਹਕਾਰ ਖ਼ਿਲਾਫ਼ ਮਾਮਲਾ ਦਰਜ

ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਸਿਆਸੀ ਸਲਾਹਕਾਰ ਤਲਬੀਰ ਸਿੰਘ ਗਿੱਲ ਸਣੇ 7 ਹੋਰਨਾਂ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਅਮਨਇੰਦਰ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਪ੍ਰੀਤਮ ਨਗਰ ਅੰਮ੍ਰਿਤਸਰ ਨੇ ਦੱਸਿਆ ਕਿ ਬੀਤੀ 13 ਅਪ੍ਰੈਲ ਦੀ ਰਾਤ ਨੂੰ ਤਕਰੀਬਨ 11:30 ਵਜੇ ਉਹ ਆਪਣੇ ਚਚੇਰੇ ਭਰਾ ਅਤੇ ਆਪਣੇ ਇਕ ਹੋਰ ਦੋਸਤ ਨਾਲ ਹੋਟਲ ਤਾਜ ਵਿਚ ਖਾਣਾ ਖਾ ਰਹੇ ਸਨ ਕਿ ਅਚਾਨਕ ਉਨ੍ਹਾਂ ਨੂੰ ਰਵੀਸ਼ੇਰ ਸਿੰਘ ਬੂਹ ਨਾਮਕ ਵਿਅਕਤੀ ਨੇ ਫੋਨ ਕਰਕੇ ਬਾਹਰ ਸੱਦਿਆ, ਜਦੋਂ ਉਹ ਹੋਟਲ ਤੋਂ ਬਾਹਰ ਆਏ ਤਾਂ ਉਥੇ ਮੌਜੂਦ 5-7 ਵਿਅਕਤੀਆਂ ਨੇ ਝਗੜਾ ਕਰਨ ਦੀ ਨੀਯਤ ਨਾਲ ਇਕ ਸਾਜਿਸ਼ ਤਹਿਤ ਉਸਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ।

 

ਇਸ ਤੋਂ ਬਾਅਦ ਬੇਸਬਾਲ ਅਤੇ ਦਾਤਰ ਨਾਲ ਵੀ ਉਸ 'ਤੇ ਹਮਲਾ ਕੀਤਾ ਗਿਆ, ਜਿਸ ਵਿਚ ਉਸਨੂੰ ਗੰਭੀਰ ਸੱਟਾਂ ਲੱਗੀਆਂ। ਅਮਨਇੰਦਰ ਨੇ ਦੱਸਿਆ ਕਿ ਮਜੀਠੀਆ ਦੇ ਸਿਆਸੀ ਸਲਾਹਕਾਰ ਤਲਬੀਰ ਸਿੰਘ ਗਿੱਲ ਜੋ ਕਿ ਹਲਕਾ ਅੰਮ੍ਰਿਤਸਰ ਦੱਖਣੀ ਅਕਾਲੀ ਦਲ ਦਾ ਇੰਚਾਰਜ ਵੀ ਹੈ, ਨੇ ਉਸ ਦਾ ਗਲਾ ਵੀ ਘੁੱਟਿਆ। ਇਸ ਦੌਰਾਨ ਹੋਟਲ ਦੇ ਸੁਰੱਖਿਆ ਅਮਲੇ ਅਤੇ ਇੱਕਠੇ ਹੋਏ ਲੋਕਾਂ ਨੇ ਉਸ ਨੂੰ ਛੁਡਵਾਇਆ। ਜਿਸ ਤੋਂ ਬਾਅਦ ਹਮਲਾਵਾਰ ਫਰਾਰ ਹੋ ਗਏ। ਇਸ ਘਟਨਾ ਦੀ ਸੀਸੀਟੀਵੀ ਫੁਟੇਜ਼ ਪੁਲਸ ਕੋਲ ਹੈ। ਸ਼ਿਕਾਇਤਕਰਤਾ ਨੇ ਇਹ ਵੀ ਦੋਸ਼ ਲਗਾਇਆ ਕਿ ਕਿਉਂਕਿ ਹਮਲਾਵਾਰਾਂ ਦੀ ਉੱਚੀ ਸਿਆਸੀ ਪਹੁੰਚ ਹੋਣ ਕਾਰਨ ਉਸ ਦੀ ਜਾਨ ਨੂੰ ਖਤਰਾ ਹੈ।

ਉਸਨੂੰ ਪਿਛਲੇ ਕੁਝ ਦਿਨਾਂ ਤੋਂ ਧਮਕੀਆਂ ਮਿਲ ਰਹੀਆਂ ਸਨ ਅਤੇ ਬੀਤੀ 8 ਅਪ੍ਰੈਲ ਨੂੰ ਵੀ ਤਲਬੀਰ ਸਿੰਘ ਗਿੱਲ ਨੇ ਫੋਨ 'ਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਸੀਸੀਟੀਵੀ ਫੁਟੇਜ਼ ਅਤੇ ਸ਼ਿਕਾਇਤਕਰਤਾ ਦੇ ਬਿਆਨਾਂ ਅਤੇ ਮੈਡੀਕਲ ਰਿਪੋਰਟ ਦੇ ਆਧਾਰ 'ਤੇ ਮਜੀਠਾ ਰੋਡ ਪੁਲਸ ਨੇ ਕਾਰਵਾਈ ਕਰਦਿਆਂ ਰਵੀਸ਼ੇਰ ਸਿੰਘ ਪੁੱਤਰ ਰਾਜਵਿੰਦਰ ਸਿੰਘ ਵਾਸੀ ਪ੍ਰਤਾਪ ਨਗਰ, ਸੰਦੀਪ ਸਿੰਘ ਉਰਫ ਸੰਨੀ ਵਾਸੀ ਬਾਬਾ ਬੁੱਢਾ ਜੀ ਐਵੇਨਿਊ ਅਤੇ ਤਲਬੀਰ ਸਿੰਘ ਗਿੱਲ ਖਿਲਾਫ ਮਾਮਲਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਇਸ ਮਾਮਲੇ ਵਿਚ ਕੋਈ ਗ੍ਰਿਫਤਾਰੀ ਨਹੀਂ ਹੋਈ।

Hot News

Contact Us

Copyright ©2019. Website Powered By NetMatic Technologies All Rights Reserved.