Follow us on

ਖੁਲਾਸਾ : ਪੰਜਾਬ 'ਚ ਹਰ ਚਾਰ ਦਿਨ 'ਚ ਇਕ ਕਿਸਾਨ ਕਰ ਰਿਹੈ ਖੁਦਕੁਸ਼ੀ

ਆਰ. ਟੀ. ਆਈ. ਤੋਂ ਮਿਲੀ ਜਾਣਕਾਰੀ ਤੋਂ ਖੁਲਾਸਾ ਹੋਇਆ ਹੈ ਕਿ ਪੰਜਾਬ 'ਚ ਸਰਕਾਰ ਕਾਂਗਰਸ ਦੀ ਹੋਵੇ ਜਾਂ ਅਕਾਲੀ-ਭਾਜਪਾ ਗਠਜੋੜ ਦੀ, ਹਰ ਚਾਰ ਦਿਨ 'ਚ ਇਕ ਕਿਸਾਨ ਕਰਜ਼ੇ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਰਿਹਾ ਹੈ। ਆਰ. ਟੀ. ਆਈ. ਵਰਕਰ ਰੋਹਿਤ ਸੱਭਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੇ ਪੰਜਾਬ ਸਰਕਾਰ ਦੇ ਚੀਫ ਸਕੱਤਰੇਤ ਦਫਤਰ ਚੰਡੀਗੜ੍ਹ 'ਚ ਆਰ. ਟੀ. ਆਈ. ਪਾ ਕੇ ਜਾਣਕਾਰੀ ਮੰਗੀ ਸੀ ਕਿ 1 ਜਨਵਰੀ 2010 ਤੋਂ ਮਾਰਚ 2019 ਦੌਰਾਨ ਸੂਬੇ ਦੇ ਕਿੰਨੇ ਕਿਸਾਨਾਂ ਨੇ ਕਰਜ਼ੇ ਤੋਂ ਤੰਗ ਆ ਕੇ ਖੁਦਕੁਸ਼ੀ ਕੀਤੀ ਹੈ। ਇਸ ਸਬੰਧੀ ਉਨ੍ਹਾਂ ਨੂੰ ਜੋ ਜਾਣਕਾਰੀ ਮੌਜੂਦਾ ਸਰਕਾਰ ਦੇ ਦਫਤਰ ਤੋਂ ਮੁਹੱਈਆ ਕਰਵਾਈ ਗਈ, ਉਸ 'ਚ ਬਾਕਾਇਦਾ ਦੱਸਿਆ ਗਿਆ ਹੈ ਕਿ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਅਤੇ ਪੰਜਾਬੀ ਯੂਨੀਵਰਸਿਟੀ ਲੁਧਿਆਣਾ ਵਲੋਂ ਕੀਤੇ ਗਏ ਸਰਵੇ ਮੁਤਾਬਕ ਸਾਲ 2010 'ਚ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ 153 ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਅਂ ਹਨ, ਜਦੋਂਕਿ ਸਾਲ 2011 'ਚ 65 ਕਿਸਾਨਾਂ ਵਲੋਂ, ਜਨਵਰੀ 2012 ਤੋਂ 31 ਮਾਰਚ 2013 ਇਸ ਇਕ ਸਾਲ 'ਚ ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਦਾ ਡਾਟਾ ਸੂਚੀ 'ਚ ਸ਼ਾਮਲ ਨਹੀਂ ਹੈ, ਜਿਸ ਨਾਲ ਸਬੰਧਤ ਵਿਭਾਗ ਦੇ ਡਿਪਟੀ ਕਮਿਸ਼ਨਰ ਵੈਰੀਫਾਈ ਕਰਵਾ ਰਹੇ ਹਨ।

ਅੰਕੜਿਆਂ ਮੁਤਾਬਕ ਸਾਲ 2013 'ਚ 28, ਸਾਲ 2014 'ਚ 66, ਸਾਲ 2015 'ਚ 160, ਸਾਲ 2016 'ਚ 212, ਸਾਲ 2017 'ਚ 129, ਸਾਲ 2018 'ਚ 19, ਇਨ੍ਹਾਂ ਅੰਕੜਿਆਂ ਮੁਤਾਬਕ ਇਨ੍ਹਾਂ 8 ਸਾਲਾਂ 'ਚ ਹੁਣ ਤਕ 832 ਕਿਸਾਨਾਂ ਨੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਖੁਦਕੁਸ਼ੀ ਕਰ ਲਈ ਹੈ। ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਸਾਲ 2016 'ਚ ਸਭ ਤੋਂ ਜ਼ਿਆਦਾ 212 ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ, ਜਦੋਂਕਿ ਸਾਲ 2018 'ਚ ਘੱਟੋ-ਘੱਟੋ 19 ਕਿਸਾਨ ਖੁਦਕੁਸ਼ੀਆਂ ਕਰ ਗਏ। ਰੋਹਿਤ ਸੱਭਰਵਾਲ ਨੇ ਕਿਹਾ ਕਿ ਸਰਕਾਰ ਵਲੋਂ ਮੁਹੱਈਆ ਕਰਵਾਈ ਗਈ ਜਾਣਕਾਰੀ ਤੋਂ ਪਤਾ ਲਗਦਾ ਹੈ ਕਿ ਪੰਜਾਬ 'ਚ ਹਰ ਚਾਰ ਦਿਨ 'ਚ ਕਰਜ਼ੇ ਤੋਂ ਤੰਗ ਆ ਕੇ ਇਕ ਕਿਸਾਨ ਆਪਣੀ ਜੀਵਨ ਲੀਲਾ ਖਤਮ ਕਰਨ ਲਈ ਮਜਬੂਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਤਾ ਲਗਦਾ ਹੈ ਕਿ ਸੂਬੇ 'ਚ ਸਰਕਾਰ ਕਿਸੇ ਦੀ ਵੀ ਹੋਵੇ, ਚੋਣਾਂ ਦੌਰਾਨ ਸੱਤਾ ਹਾਸਲ ਕਰਨ ਲਈ ਪਾਰਟੀਆਂ ਕਿਸਾਨਾਂ ਨੂੰ ਕਰਜ਼ਾ ਮੁਆਫੀ ਦੇ ਸਿਰਫ ਲੁਭਾਉਣੇ ਸੁਪਨੇ ਦਿਖਾਉਂਦੀਆਂ ਹਨ, ਸੱਤਾ 'ਚ ਆਉਣ ਤੋਂ ਬਾਅਦ ਉਨ੍ਹਾਂ ਦੇ ਕਰਜ਼ ਮੁਆਫੀ ਵਰਗੇ ਮੁੱਦਿਆਂ ਨੂੰ ਭੁੱਲ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਇਹ ਸਰਕਾਰੀ ਅੰਕੜੇ ਹਨ, ਜੋ ਸਰਕਾਰ ਦੇ ਦਫਤਰ 'ਚੋਂ ਮੁਹੱਈਆ ਹਨ, ਜਦੋਂਕਿ ਮਰਨ ਵਾਲੇ ਕਿਸਾਨਾਂ ਦੀ ਗਿਣਤੀ ਇਨ੍ਹਾਂ ਅੰਕੜਿਆਂ ਤੋਂ ਕਿਤੇ ਜ਼ਿਆਦਾ ਹੈ।

Hot News

Contact Us

Copyright ©2019. Website Powered By NetMatic Technologies All Rights Reserved.